



ਸੰਵੇਦਨਸ਼ੀਲ ਕੇਂਦਰਾਂ ਵਿੱਚ ਅਧਿਆਪਕ ਡਿਊਟੀ ਦੇਣ ਤੋਂ ਇਨਕਾਰੀ
Posted On February - 22 - 2013
ਪੱਤਰ ਪ੍ਰੇਰਕ
ਤਰਨ ਤਾਰਨ, 22 ਫਰਵਰੀ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਹਿਲੀ ਮਾਰਚ ਤੋਂ ਲਈ ਜਾ ਰਹੀ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਾਸਤੇ ਜ਼ਿਲ੍ਹੇ ਦੇ 20 ਵੱਖ-ਵੱਖ ਸਟੇਸ਼ਨਾਂ ਦੇ 24 ਪ੍ਰੀਖਿਆ ਕੇਂਦਰ ਹਊਆ ਬਣੇ ਹੋਏ ਹਨ। ਇਨ੍ਹਾਂ ਵਿੱਚੋਂ 16 ਦੇ ਕਰੀਬ ਪ੍ਰੀਖਿਆ ਕੇਂਦਰ ਤਾਂ ਪਿਛਲੇ ਕਈ ਦਹਾਕਿਆਂ ਤੋਂ ਬੋਰਡ ਵੱਲੋਂ ਅਤਿ ਸੰਵੇਦਨਸ਼ੀਲ ਐਲਾਨੇ ਹੋਏ ਹਨ। ਇਸ ਵਾਰ ਹੋ ਰਹੀ ਪ੍ਰੀਖਿਆ ਦੇ ਹਊਆ ਬਣਨ ਦਾ ਮੁੱਖ ਕਾਰਨ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ (ਡੀ.ਜੀ.ਐੱਸ.ਈ.) ਕਾਹਨ ਸਿੰਘ ਪੰਨੂ ਵੱਲੋਂ ਨਕਲ ਕਰਨ ਜਾਂ ਫਿਰ ਕਰਾਉਣ ਵਾਲਿਆਂ ਖ਼ਿਲਾਫ਼ ਫ਼ੌਜਦਾਰੀ ਕੇਸ ਦਰਜ ਕਰਾਉਣ ਦੀ ਦਿੱਤੀ ਧਮਕੀ ਹੈ। ਇਸ ਕਾਰਨ ਵੱਡੀ ਗਿਣਤੀ ਅਧਿਆਪਕਾਂ ਵੱਲੋਂ ਇਸ ਪ੍ਰੀਖਿਆ ਲਈ ਨਿਗਰਾਨ ਅਮਲੇ ਦੀ ਡਿਊਟੀ ਤੋਂ ਕਥਿਤ ਤੌਬਾ ਕਰਨਾ ਸਮਝਿਆ ਜਾ ਰਿਹਾ ਹੈ।
ਪੰਜਾਬ ਸਿੱਖਿਆ ਬੋਰਡ ਵੱਲੋਂ ਜ਼ਿਲ੍ਹੇ ਅੰਦਰਲੇ ਪ੍ਰੀਖਿਆ ਕੇਂਦਰਾਂ ‘ਚ ਨਿਗਰਾਨ ਅਮਲੇ ਦੇ ਤੌਰ ‘ਤੇ ਡਿਊਟੀ ਦੇਣ ਲਈ 700 ਦੇ ਕਰੀਬ ਅਧਿਆਪਕਾਂ ਨੂੰ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਦੇ ਸਥਾਨਕ ਦਫਤਰ ਵਿਖੇ ਅੱਜ ਕੋਈ 40 ਦੇ ਕਰੀਬ ਅਧਿਆਪਕਾਂ ਵੱਲੋਂ ਆਨੇ-ਬਹਾਨੇ ਇਸ ਡਿਊਟੀ ਤੋਂ ਬਚਣ ਲਈ ਪਹੁੰਚ ਕੀਤੀ ਗਈ। ਕਈ ਅਧਿਆਪਕ ਅੱਜ ਤੋਂ ਹੀ ਮੈਡੀਕਲ ਛੁੱਟੀ ‘ਤੇ ਚਲੇ ਗਏ ਹਨ। ਜ਼ਿਲ੍ਹਾ ਸਿੱਖਿਆ ਦਫਤਰ ਨੇ ਅਜਿਹੇ ਅਧਿਆਪਕਾਂ ਨੂੰ ਆਪਣਾ ਮੈਡੀਕਲ ਸਰਟੀਫਿਕੇਟ ਸਿਵਲ ਸਰਜਨ ਦੇ ਦਫਤਰ ਤੋਂ ਤਸਦੀਕ ਕਰਾਉਣ ਲਈ ਆਖਿਆ ਹੈ।
ਸਿੱਖਿਆ ਵਿਭਾਗ ਨੇ ਅੱਜ ਇੱਥੇ ਇਸ ਪ੍ਰਤੀਨਿਧ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਜਿਹੜੇ ਪ੍ਰੀਖਿਆ ਕੇਂਦਰ ਸੰਵੇਦਨਸ਼ੀਲ ਐਲਾਨੇ ਹੋਏ ਹਨ, ਉਨ੍ਹਾਂ ‘ਚ ਸਰਕਾਰੀ ਸੈਕੰਡਰੀ ਸਕੂਲ (ਸਸਸ) ਸ਼ਾਹਬਾਜ਼ਪੁਰ, ਕੱਚਾ ਪੱਕਾ, ਖਡੂਰ ਸਾਹਿਬ (ਦੋ ਕੇਂਦਰ), ਖਾਲੜਾ, ਗੋਇੰਦਵਾਲ ਸਾਹਿਬ, ਚੋਹਲਾ ਸਾਹਿਬ, ਤੁੜ, ਦੁਬਲੀ, ਦਾਸੂਵਾਲ, ਨੌਸ਼ਹਿਰਾ ਪੰਨੂਆਂ, ਪੱਟੀ, ਫਤਹਿਆਬਾਦ, ਭਿੱਖੀਵਿੰਡ, ਭਲਾਈਪੁਰ ਡੋਗਰਾ, ਵਲਟੋਹਾ ਤੇ ਵਰਨਾਲਾ ਸ਼ਾਮਲ ਹਨ। ਖੇਮਕਰਨ ਕਸਬਾ ਦੇ ਯੂਨਾਇਟਿਡ ਸੀਨੀਅਰ ਸੈਕੰਡਰੀ ਸਕੂਲ ਦੇ ਦੋ ਕੇਂਦਰਾਂ ਸਮੇਤ ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਤੇ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਵਰਨਾਲਾ ਵੀ ਸੰਵੇਦਨਸ਼ੀਲ ਪ੍ਰੀਖਿਆ ਕੇਂਦਰਾਂ ਵਿੱਚ ਸ਼ਾਮਲ ਹਨ। ਹੋਰ ਤਾਂ ਹੋਰ ਖੇਮਕਰਨ ਕਸਬੇ ਦਾ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਦਾ ਪ੍ਰੀਖਿਆ ਕੇਂਦਰ ਵੀ ਸੰਵੇਦਨਸ਼ੀਲ ਪ੍ਰੀਖਿਆ ਕੇਂਦਰਾਂ ਦੀ ਸੂਚੀ ਵਿਚ ਸ਼ਾਮਲ ਹੈ।
ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਡੀ.ਕੇ. ਮਾਹੀਆ ਨੇ ਸੰਪਰਕ ਕਰਨ ‘ਤੇ ਕਿਹਾ ਕਿ ਵਿਭਾਗ ਵੱਲੋਂ ਇਨ੍ਹਾਂ ਪ੍ਰੀਖਿਆਵਾਂ ਦਾ ਸੁਚਾਰੂ ਪ੍ਰਬੰਧ ਕਰਨ ਲਈ ਸਭ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਸੰਵੇਦਨਸ਼ੀਲ ਪ੍ਰੀਖਿਆ ਕੇਂਦਰਾਂ ਸਮੇਤ ਹੋਰਨਾਂ ਕੇਂਦਰਾਂ ਉਪਰ ਸਿਖਿਆ ਵਿਭਾਗ ਦੀਆਂ ਟੀਮਾਂ ਵੱਲੋਂ ਨਕਲ ਰੋਕਣ ਦੇ ਸਖ਼ਤ ਬੰਦੋਬਸਤ ਕੀਤੇ ਜਾ ਰਹੇ ਹਨ।
ਨਵ-ਨਿਯੁਕਤ ਮੁਲਾਜ਼ਮਾਂ ’ਤੇ ਪੈ ਰਿਹਾ ਹੈ ਸਰਟੀਫਿਕੇਟਾਂ ਦੀ ਤਸਦੀਕ ਦਾ ਭਾਰ
Posted On February - 22 - 2013
ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਫ਼ਰਵਰੀ
ਪੰਜਾਬ ਵਿਚ ਵੱਖ-ਵੱਖ ਭਰਤੀਆਂ ਦੌਰਾਨ ਵਿਆਪਕ ਪੱਧਰ ’ਤੇ ਫਰਜ਼ੀ ਸਰਟੀਫਿਕੇਟਾਂ, ਡਿਪਲੋਮਿਆਂ ਅਤੇ ਡਿਗਰੀਆਂ ਦੇ ਹੋ ਰਹੇ ‘ਵਪਾਰ’ ਕਾਰਨ ਜਿਥੇ ਦੋ ਨੰਬਰੀਏ ਨੌਕਰੀਆਂ ਹਾਸਲ ਕਰ ਰਹੇ ਹਨ, ਉਥੇ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਸਮੇਤ ਹੋਰ ਵਿੱਦਿਅਕ ਅਦਾਰੇ ਸਰਟੀਫਿਕੇਟ ਤਸਦੀਕ ਕਰਨ ਦੀ ਪ੍ਰਕਿਰਿਆ ਦੌਰਾਨ ਮੋਟੀਆਂ ਫੀਸਾਂ ਲੈ ਕੇ ਮਾਲੋ-ਮਾਲ ਹੋ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿਚ ਵੱਖ-ਵੱਖ ਵਿਭਾਗਾਂ ’ਚ ਭਰਤੀਆਂ ਦੌਰਾਨ ਵੱਡੇ ਪੱਧਰ ’ਤੇ ਫਰਜ਼ੀ ਸਰਟੀਫਿਕੇਟਾਂ ਦੇ ਚੱਲ ਰਹੇ ਪ੍ਰਵਾਹ ਕਾਰਨ ਪੰਜਾਬ ਸਰਕਾਰ ਨੇ ਨੌਕਰੀ ਵਿਚ ਆਉਂਦੇ ਹਰੇਕ ਮੁਲਾਜ਼ਮ ਤੇ ਅਧਿਕਾਰੀ ਵੱਲੋਂ ਪੇਸ਼ ਕੀਤੇ ਜਾਂਦੇ ਹਰੇਕ ਤਰ੍ਹਾਂ ਦੇ ਸਰਟੀਫਿਕੇਟਾਂ, ਡਿਗਰੀਆਂ ਤੇ ਡਿਪਲੋਮਿਆਂ ਦੀ ਸਬੰਧਿਤ ਵਿੱਦਿਅਕ ਅਦਾਰਿਆਂ ਤੋਂ ਤਸਦੀਕ ਕਰਵਾਉਣ ਦਾ ਫੈਸਲਾ ਲਿਆ ਹੈ। ਜਿਸ ਕਾਰਨ ਹੁਣ ਭਰਤੀਆਂ ਤੋਂ ਬਾਅਦ ਸੈਂਕੜੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਸਰਟੀਫਿਕੇਟਾਂ ਨੂੰ ਸਬੰਧਿਤ ਵਿੱਦਿਅਕ ਅਦਾਰਿਆਂ ਤੋਂ ਤਸਦੀਕ ਕਰਵਾਉਣ ਦੀ ਪ੍ਰਕ੍ਰਿਆ ਚਲਾਈ ਗਈ ਹੈ। ਵੱਖ-ਵੱਖ ਵਿੱਦਿਅਕ ਅਦਾਰਿਆਂ ਨੇ ਸਰਟੀਫਿਕੇਟ ਤਸਦੀਕ ਕਰਵਾਉਣ ਦੀਆਂ ਮੋਟੀਆਂ ਫੀਸਾਂ ਨਿਰਧਾਰਤ ਕਰ ਦਿੱਤੀਆਂ ਹਨ। ਦੂਸਰੇ ਪਾਸੇ ਪੰਜਾਬ ਸਰਕਾਰ ਨੇ ਇਹ ਫੀਸਾਂ ਤਾਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ ਅਤੇ ਨਵਾਂ ਰਾਹ ਲੱਭਦਿਆਂ ਸਰਟੀਫਿਕੇਟਾਂ ਦੀ ਤਸਦੀਕ ਕਰਵਾਉਣ ਦੀ ਫੀਸ ਸਬੰਧਿਤ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਜੇਬਾਂ ਵਿਚੋਂ ਲੈਣ ਦਾ ਫੈਸਲਾ ਲਿਆ ਹੈ। ਇਸੇ ਤਹਿਤ ਹੀ ਆਮ ਰਾਜ ਪ੍ਰਬੰਧ ਵਿਭਾਗ ਸਕੱਤਰੇਤ ਪੰਜਾਬ ਵੱਲੋਂ ਹੁਣ ਨਵ-ਨਿਯੁਕਤ ਕੀਤੇ 60 ਕਲਰਕਾਂ ਦੇ ਸਰਟੀਫਿਕੇਟ ਤਸਦੀਕ ਕਰਵਾਉਣ ਲਈ ਸਬੰਧਤ ਵਿੱਦਿਅਕ ਸੰਸਥਾਵਾਂ ਤੇ ਯੂਨੀਵਰਸਿਟੀਆਂ ਨੂੰ ਭੇਜੇ ਜਾ ਰਹੇ ਹਨ।
ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਸਮੂਹ ਨਵ-ਨਿਯੁਕਤ ਕਲਰਕਾਂ ਨੂੰ ਜਾਰੀ ਕੀਤੇ ਹੁਕਮ (ਮੀਮੋ ਨੰਬਰ 1/158/11-4ਅ4/1972) ਰਾਹੀਂ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਵਿੱਦਿਅਕ ਸਰਟੀਫਿਕੇਟ ਤਸਦੀਕ ਕਰਵਾਉਣ ਲਈ ਸਬੰਧਤ ਯੂਨੀਵਰਸਿਟੀਆਂ/ਸੰਸਥਾਵਾਂ ਨੂੰ ਭੇਜੇ ਗਏ ਸਨ, ਜਿਸ ਦੇ ਸਬੰਧ ਵਿਚ ਕੁਝ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਨੇ ਇਸ ਮੰਤਵ ਲਈ ਫੀਸ ਦੀ ਮੰਗ ਕੀਤੀ ਹੈ। ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਇਨ੍ਹਾਂ 60 ਕਲਰਕਾਂ ਨੂੰ 23 ਫਰਵਰੀ ਤੱਕ ਸਬੰਧਤ ਫੀਸ ਦੀ ਰਾਸ਼ੀ ਦੇ ਡਿਮਾਂਡ ਡਰਾਫਟ ਬਣਾ ਕੇ ਮੁਹੱਈਆ ਕਰਨ ਲਈ ਕਿਹਾ ਹੈ। ਇਨ੍ਹਾਂ ਕਲਰਕਾਂ ਦੇ ਸਰਟੀਫਿਕੇਟ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਆਈਜੀ ਐਨਓਯੂ) ਨਵੀਂ ਦਿੱਲੀ ਵਿਖੇ ਤਸਦੀਕ ਕਰਨ ਲਈ ਭੇਜੇ ਜਾ ਰਹੇ ਹਨ। ਇਨ੍ਹਾਂ ਕਲਰਕਾਂ ਨੂੰ 500 ਰੁਪਏ ਤੋਂ ਲੈ ਕੇ 1700 ਰੁਪਏ ਤੱਕ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ ਜਿਸ ਕਾਰਨ ਭਰਤੀ ਲਈ ਫਰਜ਼ੀ ਸਰਟੀਫਿਕੇਟਾਂ ਦੀ ਵਰਤੋਂ ਕਰਨ ਵਾਲੇ ਕੁਝ ਅਨਸਰਾਂ ਕਾਰਨ ਹੁਣ ਸਾਰੇ ਜਾਇਜ਼ ਉਮੀਦਵਾਰਾਂ ਉਪਰ ਵੀ ਵਿੱਤੀ ਬੋਝ ਪੈ ਗਿਆ ਹੈ। ਇਹ ਰਕਮ ਉਨ੍ਹਾਂ ਵੱਲੋਂ ਮੁਹੱਈਆ ਕੀਤੇ ਸਰਟੀਫਿਕੇਟਾਂ ਦੀ ਗਿਣਤੀ ਅਨੁਸਾਰ ਮੰਗੀ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਕ ਸਰਟੀਫਿਕੇਟ ਤਸਦੀਕ ਕਰਨ ਦੀ 600 ਰੁਪਏ ਫੀਸ ਤੈਅ ਕੀਤੀ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪ੍ਰਤੀ ਸਰਟੀਫਿਕੇਟ 500 ਰੁਪਏ ਫੀਸ ਵਸੂਲੀ ਜਾਂਦੀ ਹੈ ਜਦਕਿ ਆਈਜੀਐਨਓਯੂ ਵੱਲੋਂ ਪ੍ਰਤੀ ਸਰਟੀਫਿਕੇਟ 100 ਰੁਪਏ ਫੀਸ ਵਸੂਲੀ ਜਾਂਦੀ ਹੈ।
ਇਸ ਤਰ੍ਹਾਂ ਇਨ੍ਹਾਂ 60 ਕਲਰਕਾਂ ਕੋਲੋਂ ਉਨ੍ਹਾਂ ਦੇ ਸਰਟੀਫਿਕੇਟ ਤਸਦੀਕ ਕਰਵਾਉਣ ਲਈ 51,400 ਰੁਪਏ ਫੀਸ ਵਜੋਂ ਵਸੂਲੇ ਜਾ ਰਹੇ ਹਨ। ਦੱਸਣਯੋਗ ਹੈ ਕਿ ਪਿਛਲੇ ਸਮੇਂ ਖਾਸ ਕਰਕੇ ਸਿੱਖਿਆ ਵਿਭਾਗ ਪੰਜਾਬ ਵਿਚ ਵੱਡੇ ਪੱਧਰ ’ਤੇ ਭਰਤੀ ਦੌਰਾਨ ਉਮੀਦਵਾਰਾਂ ਵੱਲੋਂ ਫਰਜ਼ੀ ਸਰਟੀਫਿਕੇਟਾਂ ਦੀ ਵਰਤੋਂ ਕਰਨ ਦਾ ਖੁਲਾਸਾ ਹੋਇਆ ਸੀ। ਜਿਨ੍ਹਾਂ ਦੀ ਪੜਤਾਲ ਕਰਵਾਉਣ ਤੋਂ ਬਾਅਦ ਪਤਾ ਲੱਗਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਲਖਨਊ ਯੂਨੀਵਰਸਿਟੀ, ਪਟਨਾ ਯੂਨੀਵਰਸਿਟੀ ਸਮੇਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਮ ਹੇਠ ਵੱਡੀ ਗਿਣਤੀ ’ਚ ਉਮੀਦਵਾਰਾਂ ਨੇ ਫਰਜ਼ੀ ਸਰਟੀਫਿਕੇਟ ਬਣਾਏ ਹੋਏ ਸਨ। ਸਾਬਕਾ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਪੰਜਾਬ ਕ੍ਰਿਸ਼ਨ ਕੁਮਾਰ ਨੇ ਅਧਿਆਪਕਾਂ ਦੀ ਭਰਤੀ ਦੌਰਾਨ ਵੱਖ-ਵੱਖ ਯੂਨੀਵਰਸਿਟੀਆਂ ਤੇ ਸਿੱਖਿਆ ਬੋਰਡ ਦੇ ਨਾਮ ਹੇਠ ਬਣਾਏ 55 ਫਰਜ਼ੀ ਸਰਟੀਫਿਕੇਟ ਫੜੇ ਸਨ। ਇਸੇ ਤਰ੍ਹਾਂ ਡੀਪੀਆਈ (ਸੈਕੰਡਰੀ) ਪੰਜਾਬ ਨੇ ਵੀ ਵੱਡੇ ਪੱਧਰ ’ਤੇ ਫਰਜ਼ੀ ਸਰਟੀਫਿਕੇਟਾਂ ਦਾ ਭਾਂਡਾ ਭੰਨ੍ਹਿਆ ਸੀ। ਇਸ ਬਾਰੇ ਚੰਡੀਗੜ੍ਹ ਅਤੇ ਮੁਹਾਲੀ ਪੁਲੀਸ ਸਮੇਤ ਵਿਜੀਲੈਂਸ ਬਿਊਰੋ ਪੰਜਾਬ ਨੇ ਫਰਜ਼ੀ ਸਰਟੀਫਿਕੇਟਾਂ ਦੀ ਵਰਤੋਂ ਕਰਨ ਵਾਲੇ ਕਈ ਉਮੀਦਵਾਰਾਂ ਵਿਰੁੱਧ ਧੋਖਾਧੜੀ ਦੇ ਕੇਸ ਵੀ ਦਰਜ ਕੀਤੇ ਸਨ


ਦਸਵੀਂ ਤੇ ਬਾਰ੍ਹਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਸਬੰਧੀ ਪ੍ਰਬੰਧ ਮੁਕੰਮਲ
Posted On February - 22 - 2013
ਪੱਤਰ ਪ੍ਰੇਰਕ
ਮੁਹਾਲੀ, 22 ਫਰਵਰੀ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਮਾਰਚ ਮਹੀਨੇ ਵਿੱਚ ਦਸਵੀਂ ਤੇ ਬਾਰ੍ਹਵੀਂ ਸ਼੍ਰੇਣੀ ਦੀ ਲਈ ਜਾਣ ਵਾਲੀ ਸਾਲਾਨਾ ਪ੍ਰੀਖਿਆ ਨੂੰ ਨਕਲ ਰਹਿਤ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਪਹਿਲੀ ਮਾਰਚ 2013 ਤੋਂ ਪਹਿਲੀ ਅਪਰੈਲ 2013 ਤੱਕ ਅਤੇ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ 12 ਮਾਰਚ 2013 ਤੋਂ 26 ਮਾਰਚ 2013 ਤੱਕ ਕਰਵਾਈ ਜਾਵੇਗੀ।
ਇਹ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਅੱਜ ਇੱਥੇ ਵਿਸ਼ੇਸ਼ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਦੋਵਾਂ ਸ਼੍ਰੇਣੀਆਂ ਦੇ ਕਰੀਬ ਅੱਠ ਲੱਖ ਵਿਦਿਆਰਥੀ ਪ੍ਰੀਖਿਆ ਦੇਣਗੇ ਅਤੇ ਸਾਰੇ ਵਿਦਿਆਰਥੀਆਂ ਨੂੰ ਰੋਲ ਨੰਬਰ ਭੇਜ ਦਿੱਤੇ ਗਏ ਹਨ। ਇਨ੍ਹਾਂ ਪ੍ਰੀਖਿਆਵਾਂ ਲਈ ਰਾਜ ਦੇ ਵੱਖ-ਵੱਖ ਸਕੂਲਾਂ ਵਿੱਚ ਕਰੀਬ 3238 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ’ਚੋਂ 242 ਕੇਂਦਰਾਂ ਨੂੰ ਸੰਵੇਦਨਸ਼ੀਲ ਐਲਾਨਿਆਂ ਗਿਆ ਹੈ। ਪ੍ਰੀਖਿਆ ਕੇਂਦਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼. ਨੂੰ ਪਿਖਿਆ ਗਿਆ ਹੈ।
ਡਾ. ਧਾਲੀਵਾਲ ਨੇ ਕਿਹਾ ਕਿ ਨਕਲ ਦੇ ਕੋਹੜ ਨੂੰ ਖ਼ਤਮ ਕਰਨ ਲਈ ਠੋਸ ਕਦਮ ਚੁੱਕੇ ਗਏ ਹਨ। ਸਾਫ ਸੁਥਰੇ ਅਕਸ ਵਾਲੇ ਕਾਲਜ ਪ੍ਰੋਫੈਸਰਾਂ, ਸਕੂਲ ਪ੍ਰਿੰਸੀਪਲਾਂ, ਸੀਨੀਅਰ ਲੈਕਚਰਾਰਾਂ ’ਤੇ ਆਧਾਰਤ ਨਕਲ ਰੋਕੂ ਉਡਣ ਦਸਤੇ ਬਣਾਏ ਗਏ ਹਨ, ਜਿਨ੍ਹਾਂ ਨੂੰ ਪ੍ਰ੍ਰੀਖਿਆ ਕੇਂਦਰਾਂ ਦੀ ਚੈਕਿੰਗ ਲਈ ਵਿਸ਼ੇਸ਼ ਕਾਰਡ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ। ਬੋਰਡ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਕੀਤੀ ਜਾਵੇਗੀ। ਕਿਸੇ ਵੀ ਸਕੂਲ ਵਿੱਚ ਨਕਲ ਪਾਏ ਜਾਣ ’ਤੇ ਨਿਗਰਾਨ ਅਮਲੇ ਨੂੰ ਜ਼ਿੰਮੇਵਾਰ ਸਮਝਿਆ ਜਾਵੇਗਾ ਅਤੇ ਸਕੂਲ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਯੂਨੀਵਰਸਿਟੀ ਵੱਲੋਂ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ
ਚੰਡੀਗੜ੍ਹ, 22 ਫਰਵਰੀ (ਗੁਰਸੇਵਕ ਸਿੰਘ ਸੋਹਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਪਰਵਿੰਦਰ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਫਾਈਨਲ ਇਮਤਿਹਾਨਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ ਜਿਸ ਤਹਿਤ ਬੀ.ਏ./ ਬੀ.ਕਾਮ/ ਬੀ.ਐਸ.ਸੀ./ ਬੀ.ਸੀ.ਏ. ਤੇ ਬੀ.ਬੀ.ਏ. ਦੇ ਇਮਤਿਹਾਨ 2 ਅਪ੍ਰੈਲ ਨੂੰ ਸ਼ੁਰੂ ਹੋਣਗੇ, ਜਦਕਿ ਉਪਰੋਕਤ ਕਲਾਸਾਂ 'ਚ ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਦੇ ਇਮਤਿਹਾਨ 26 ਮਾਰਚ ਤੋਂ 30 ਮਾਰਚ ਤੱਕ ਹੋਣਗੇ, ਇਸ ਤੋਂ ਇਲਾਵਾ 5 ਮਾਰਚ ਨੂੰ ਅੰਡਰ-ਗ੍ਰੈਜੂਏਟ ਕਲਾਸਾਂ ਦੇ ਪ੍ਰੈਕਟੀਕਲ ਆਰੰਭ ਹੋਣਗੇ। ਡਾ. ਪਰਵਿੰਦਰ ਨੇ ਦੱਸਿਆ ਕਿ ਸਾਰੇ ਵਿਦਿਆਰਥੀਆਂ ਨੂੰ 15 ਮਾਰਚ ਤੱਕ ਰਜਿਸਟਰਡ ਪੋਸਟ ਰਾਹੀਂ ਰੋਲ ਨੰਬਰ ਭੇਜ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੈ ਕਿ ਸਮੂਹ ਵਿਦਿਆਰਥੀਆਂ ਨੂੰ ਰਜਿਸਟਰਡ ਪੋਸਟ ਰਾਹੀਂ 'ਬਾਰ ਟਰੈਕ' ਲਾਕੇ ਰੋਲ ਨੰਬਰ ਭੇਜੇ ਜਾ ਰਹੇ ਹਨ ਤਾਂਕਿ ਕਿਸੇ ਵੀ ਵਿਦਿਆਰਥੀ ਦਾ ਰੋਲ ਨੰਬਰ ਗੁੰਮ ਨਾ ਹੋਵੇ। ਉਨ੍ਹਾਂ ਇਹ ਵੀ ਦੱਸਿਆ ਕਿ ਜੇ 15 ਮਾਰਚ ਤੱਕ ਵਿਦਿਆਰਥੀਆਂ ਨੂੰ ਰੋਲ ਨੰਬਰ ਨਹੀਂ ਮਿਲਦੇ ਤਾਂ ਉਹ ਯੂਨੀਵਰਸਿਟੀ ਦੀ ਵੈੱਬਸਾਈਟ, ਜਿੱਥੇ ਕਿ ਸਾਰੀ ਡੇਟਸ਼ੀਟ ਵੀ ਉਪਲਬਧ ਹੈ, ਤੋਂ ਆਪਣੇ ਆਰਜ਼ੀ ਰੋਲ ਨੰਬਰ ਡਾਊਨਲੋਡ ਕਰ ਸਕਦੇ ਹਨ। ਡਾ. ਸਿੰਘ ਦਾ ਕਹਿਣਾ ਸੀ ਕਿ ਕੁੱਝ ਕਾਲਜਾਂ 'ਚ ਨਕਲ ਦੇ ਰੁਝਾਨ ਨੂੰ ਧਿਆਨ 'ਚ ਰੱਖਦਿਆਂ ਇਸ ਵਾਰ ਪ੍ਰੀਖਿਆ ਕੇਂਦਰ ਵਾਲੇ ਕਾਲਜ ਤੋਂ ਇਲਾਵਾ ਇਕ ਹੋਰ ਕਾਲਜ ਨੂੰ ਧਿਆਨ 'ਚ ਰੱਖਿਆ ਜਾਵੇਗਾ ਤਾਂਕਿ ਜੇ ਇਕ ਕਾਲਜ 'ਚ ਨਕਲ ਹੁੰਦੀ ਹੈ ਤਾਂ ਉਥੇ ਪ੍ਰੀਖਿਆ ਕੇਂਦਰ ਰੱਦ ਕਰਕੇ ਦੂਜੇ ਕਾਲਜ 'ਚ ਪ੍ਰੀਖਿਆ ਕੇਂਦਰ ਬਣਾਇਆ ਜਾ ਸਕੇ। ਚੇਤੇ ਰਹੇ ਕਿ ਪੰਜਾਬ 'ਚ ਉਪਰੋਕਤ ਯੂਨੀਵਰਸਿਟੀ ਨਾਲ ਸਬੰਧਿਤ 180 ਦੇ ਕਰੀਬ ਕਾਲਜ ਹਨ।
ਹਾਈਕੋਰਟ ਵੱਲੋਂ ਪੀ.ਪੀ.ਐਸ. ਅਫ਼ਸਰਾਂ ਦੀ ਸੀਨੀਆਰਤਾ ਸੂਚੀ ਸਬੰਧੀ ਸਰਕਾਰ ਨੂੰ ਨੋਟਿਸ
ਚੰਡੀਗੜ੍ਹ, 22 ਫਰਵਰੀ (ਕੁਲਬੀਰ ਸਿੰਘ ਸੇਖੋਂ)-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਚੀਫ਼ ਜਸਟਿਸ ਏ.ਕੇ. ਸੀਕਰੀ ਅਤੇ ਜਸਟਿਸ ਰਾਕੇਸ਼ ਕੁਮਾਰ ਜੈਨ ਦੇ ਬੈਂਚ ਨੇ ਪੀ.ਪੀ.ਐਸ. ਅਫ਼ਸਰਾਂ ਦੀ ਸੀਨੀਆਰਤਾ ਸੂਚੀ ਨੂੰ ਚੁਣੌਤੀ ਦੇਣ ਸਬੰਧੀ ਰਿੱਟ ਵਿਚ ਪੰਜਾਬ ਸਰਕਾਰ ਪਿ੍ੰਸੀਪਲ ਸਕੱਤਰ ਗ੍ਰਹਿ ਅਤੇ ਨਿਆਂ ਮਾਮਲੇ ਅਤੇ ਡੀ.ਜੀ.ਪੀ. ਤੋਂ 20 ਮਾਰਚ ਤੱਕ ਜਵਾਬ ਮੰਗਿਆ ਹੈ | ਐਸ.ਐਸ.ਪੀ. ਮਾਨਸਾ ਨਰਿੰਦਰ ਭਾਰਗਵ ਵੱਲੋਂ ਰਿੱਟ ਰਾਹੀਂ ਪੰਜਾਬ ਸਰਕਾਰ ਨੂੰ 2012 ਅਤੇ 2013 ਵਿਚ ਬਣਾਈ ਪੀ.ਪੀ.ਐਸ. ਅਫਸਰਾਂ ਦੀ ਸੀਨੀਆਰਤਾ ਸੂਚੀ ਰੱਦ ਕਰਨ ਦੇ ਨਿਰਦੇਸ਼ ਦੇਣ ਦੀ ਪ੍ਰਾਰਥਣਾ ਕੀਤੀ ਗਈ ਸੀ | ਉਨ੍ਹਾਂ ਦਲੀਲ ਦਿੱਤੀ ਸੀ ਕਿ ਪੰਜਾਬ ਪੁਲਿਸ ਸੇਵਾ ਨਿਯਮ 1959 ਦੇ ਨਿਯਮ 10 ਜਿਸ ਅਨੁਸਾਰ ਪੀ.ਪੀ.ਐਸ. ਅਫਸਰਾਂ ਦੇ ਨੌਕਰੀ ਵਿਚ ਪੱਕੇ ਹੋਣ ਤੋਂ ਜੋ ਸੀਨੀਆਰਤਾ ਗਿਣੀ ਜਾਂਦੀ ਹੈ ਉਹ ਵਾਜਬ ਨਹੀਂ ਹੈ | ਪਟੀਸ਼ਨਰ ਦੇ ਬੈਂਚ ਨੇ ਦੱਸਿਆ ਕਿ ਸੀਨੀਆਰਤਾ ਨੌਕਰੀ ਦੀ ਲੰਬਾਈ ਦੇ ਹਿਸਾਬ ਨਾਲ ਗਿਣੀ ਜਾਣੀ ਚਾਹੀਦੀ ਹੈ | ਪਟੀਸ਼ਨਰ ਨੇ ਬੈਂਚ ਨੂੰ ਅਪੀਲ ਕੀਤੀ ਕਿ ਸਰਕਾਰ ਨੂੰ ਪੀ.ਪੀ.ਐਸ. ਅਫਸਰਾਂ ਵਿਚੋਂ ਤਰੱਕੀ ਦੇ ਕੇ ਆਈ.ਪੀ.ਐਸ. ਬਣਾਉਣ 'ਤੇ ਰੋਕ ਲਗਾਉਣ ਲਈ ਕਿਹਾ ਜਾਵੇ |
ਬੋਰਡ ਦੀ ਪ੍ਰੀਖਿਆ 'ਚ ਨਕਲ ਰੋਕਣ ਲਈ ਸਿੱਖਿਆ ਵਿਭਾਗ ਵੀ ਹੋਇਆ ਪੱਬਾਂ ਭਾਰ
ਫ਼ਰੀਦਕੋਟ, 22 ਫ਼ਰਵਰੀ (ਗੁਰਮੀਤ ਸਿੰਘ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਵਰ੍ਹੇ ਕਰਵਾਈਆਂ ਜਾ ਰਹੀਆਂ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 'ਚ ਨਕਲ ਰੋਕਣ ਲਈ ਸਿੱਖਿਆ ਵਿਭਾਗ ਪੱਬਾਂ ਭਾਰ ਹੋਇਆ ਹੋਇਆ ਹੈ | ਪੰਜਾਬ ਦੇ ਸਿੱਖਿਆ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਨੇ ਸਖ਼ਤ ਸ਼ਬਦਾਂ 'ਚ ਆਪਣੇ ਵਿਭਾਗ ਤੇ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਇਸ ਵਾਰ ਨਕਲ 'ਤੇ ਪੂਰਾ ਕਾਬੂ ਪਾਇਆ ਜਾਵੇਗਾ | ਉਨ੍ਹਾਂ ਇਹ ਹਦਾਇਤ ਵੀ ਬੜੇ ਸਪੱਸ਼ਟ ਸ਼ਬਦਾਂ ਵਿਚ ਕੀਤੀ ਹੈ ਕਿ ਬੋਰਡ ਵੱਲੋਂ ਲੱਗੀ ਹੋਈ ਕਿਸੇ ਵੀ ਅਧਿਆਪਕ ਦੀ ਡਿਊਟੀ ਨਾ ਤਾਂ ਬਦਲੀ ਜਾਵੇਗੀ ਤੇ ਨਾ ਹੀ ਇਸ ਨੂੰ ਰੱਦ ਕੀਤਾ ਜਾਵੇਗਾ | ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੀ ਵਧੀਆ ਅਕਸ ਵਾਲੇ ਅਧਿਆਪਕਾਂ ਨੂੰ ਬਤੌਰ ਸੁਪਰਡੈਂਟ, ਉੱਪ ਸੁਪਰਡੈਂਟ ਤੇ ਨਿਗਰਾਨ ਵਜੋਂ ਲਗਾਇਆ ਗਿਆ ਹੈ | ਬੋਰਡ ਦੀਆਂ ਇਨ੍ਹਾਂ ਪ੍ਰੀਖਿਆਵਾਂ ਲਈ ਪੂਰੇ ਪੰਜਾਬ ਅੰਦਰ 3238 ਪ੍ਰੀਖਿਆ ਕੇਂਦਰ ਬਣਾਏ ਗਏ ਹਨ ਜਿਨ੍ਹਾਂ 'ਚ 10ਵੀਂ ਜਮਾਤ ਦੇ 4,28,649 ਤੇ 12ਵੀਂ 'ਚ 3,58,722 ਪ੍ਰੀਖਿਆ ਦੇਣਗੇ | ਫ਼ਰੀਦਕੋਟ ਜ਼ਿਲ੍ਹੇ ਵਿਚ 77 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਹਨ | ਗੋਪਾਲ ਕਿ੍ਸ਼ਨ ਲੈਕ. ਨੂੰ ਐੱਸ. ਡੀ. ਸੀ. ਸੈ. ਸਕੂਲ, ਫ਼ਰੀਦਕੋਟ ਵਿਖੇ ਸੁਪਰਡੈਂਟ, ਪਵਨ ਕੁਮਾਰ ਲੈਕ. ਨੂੰ ਮਹਾਤਮਾ ਗਾਂਧੀ ਮੈਮ. ਸਕੂਲ, ਫ਼ਰੀਦਕੋਟ ਵਿਚ ਸੁਪਰਡੈਂਟ, ਗੁਰਜਿੰਦਰ ਸਿੰਘ ਲੈਕ. ਨੂੰ ਸੰਗਤ ਸਾਹਿਬ ਭਾਈ ਫੇਰੂ ਖ਼ਾਲਸਾ ਸਕੂਲ ਵਿਚ ਸੁਪਰਡੈਂਟ, ਰਾਜਪਾਲ ਸਿੰਘ ਲੈਕ. ਨੂੰ ਗਾਂਧੀ ਮੈਮੋਰੀਅਲ ਸਕੂਲ, ਕੋਟਕਪੂਰਾ ਵਿਖੇ ਸੁਪਰਡੈਂਟ, ਬਲਦੇਵ ਕਟਾਰੀਆ ਲੈਕ. ਨੂੰ ਹਾਈ ਸਕੂਲ ਸੰਧਵਾਂ ਵਿਖੇ, ਹਰਜੀਤ ਸਿੰਘ ਲੈਕ. ਨੂੰ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਤੇ ਇਸੇ ਤਰ੍ਹਾਂ ਹੋਰ ਕਈ ਚੰਗੇ ਅਕਸ ਵਾਲੇ ਅਧਿਆਪਕਾਂ ਨੂੰ ਹੀ ਵੱਖ-ਵੱਖ ਕੇਂਦਰਾਂ 'ਚ ਨਿਯੁਕਤ ਕੀਤਾ ਗਿਆ ਹੈ |
ਪ੍ਰੀਖਿਆ ਕੇਂਦਰਾਂ ਦੇ 200 ਮੀਟਰ ਦੇ ਘੇਰੇ ਅੰਦਰ ਇਕੱਠੇ ਹੋਣ 'ਤੇ ਪਾਬੰਦੀ
ਪਟਿਆਲਾ, 22 ਫਰਵਰੀ (ਚੱਠਾ)-ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਦੂਜੇ ਸਮੈਸਟਰ ਦੀਆਂ ਪ੍ਰੀਖਿਆਵਾਂ ਜੋ 1 ਮਾਰਚ ਤੋਂ 30 ਮਾਰਚ ਤੱਕ ਹੋ ਰਹੀਆਂ ਹਨ, ਦੇ ਸੁਚੱਜੇ ਸੰਚਾਲਨ ਲਈ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸ. ਜੀ. ਕੇ. ਸਿੰਘ ਨੇ ਫ਼ੌਜਦਾਰੀ ਜ਼ਾਬਤਾ ਦੀ ਧਾਰਾ ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 1 ਮਾਰਚ ਤੋਂ ਜ਼ਿਲ੍ਹਾ ਪਟਿਆਲਾ ਦੇ ਪ੍ਰੀਖਿਆ ਕੇਂਦਰਾਂ ਦੇ ਆਲ਼ੇ ਦੁਆਲੇ 200 ਮੀਟਰ ਦੇ ਘੇਰੇ ਅੰਦਰ, ਇਮਤਿਹਾਨ 'ਚ ਬੈਠੇ ਪ੍ਰੀਖਿਆਰਥੀਆਂ ਦੇ ਮਾਪਿਆਂ, ਰਿਸ਼ਤੇਦਾਰਾਂ, ਦੋਸਤਾਂ ਆਦਿ ਦੇ ਇਕੱਠੇ ਹੋਣ, ਪ੍ਰੀਖਿਆ ਕੇਂਦਰਾਂ ਦੇ ਅੰਦਰ ਜਾਣ, ਕਿਸੇ ਵੀ ਤਰ੍ਹਾਂ ਨਾਲ ਪ੍ਰੀਖਿਆਰਥੀਆਂ ਦੀ ਇਮਤਿਹਾਨ ਸਬੰਧੀ ਮਦਦ ਕਰਨ 'ਤੇ ਪਾਬੰਦੀ ਦੇ ਹੁਕਮ ਲਾਗੂ ਕੀਤੇ ਹਨ | ਇਹ ਹੁਕਮ 30 ਮਾਰਚ ਤੱਕ ਲਾਗੂ ਰਹਿਣਗੇ | ਪਾਬੰਦੀ ਦੇ ਇਹ ਹੁਕਮ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਕੇਂਦਰਾਂ ਵਿੱਚ ਡਿਊਟੀ 'ਤੇ ਤਾਇਨਾਤ ਕੀਤੇ ਅਮਲੇ ਅਤੇ ਇਨ੍ਹਾਂ ਕੇਂਦਰਾਂ ਵਿਚ ਪੇਪਰ ਦੇਣ ਵਾਲੇ ਪ੍ਰੀਖਿਆਰਥੀਆਂ 'ਤੇ ਲਾਗੂ ਨਹੀਂ ਹੋਣਗੇ |
]ਡਿਊਟੀ ਸਮੇਂ ਸ਼ਰਾਬ ਪੀਣ ਵਾਲਾ ਮਾਸਟਰ ਮੁਅੱਤਲ
ਅਜੀਤਗੜ੍ਹ, 22 ਫਰਵਰੀ (ਸ਼ੇਰਗਿੱਲ)-ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵੱਲੋਂ ਸਰਕਾਰੀ ਹਾਈ ਸਕੂਲ ਜੋਨੇਵਾਲ ਜ਼ਿਲ੍ਹਾ ਲੁਧਿਆਣਾ ਦੇ ਅੰਗਰੇਜੀ ਮਾਸਟਰ ਸ਼ਮਸ਼ੇਰ ਸਿੰਘ ਨੰੂ ਡਿਊਟੀ ਦੌਰਾਨ ਸ਼ਰਾਬੀ ਹਾਲਤ 'ਚ ਫੜ੍ਹੇ ਜਾਣ 'ਤੇ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ | ਮੱੁਖ ਅਧਿਆਪਕ ਸਰਕਾਰੀ ਹਾਈ ਸਕੂਲ ਜੋਨੇਵਾਲ ਜ਼ਿਲ੍ਹਾ ਲੁਧਿਆਣਾ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਅੰਗਰੇਜੀ ਮਾਸਟਰ ਸ਼ਮਸ਼ੇਰ ਸਿੰਘ ਨੇ ਡਿਊਟੀ ਦੌਰਾਨ ਸ਼ਰਾਬ ਪੀਤੀ ਹੋਈ ਸੀ | ਜ਼ਿਕਰਯੋਗ ਹੈ ਕਿ ਅੰਗਰੇਜੀ ਮਾਸਟਰ ਸ਼ਮਸ਼ੇਰ ਸਿੰਘ ਨੰੂ ਡਿਊਟੀ ਦੌਰਾਨ ਪਹਿਲਾਂ ਵੀ ਸ਼ਰਾਬੀ ਹਾਲਤ 'ਚ ਫੜਿਆ ਗਿਆ ਸੀ ਅਤੇ ਮੁਅੱਤਲ ਕੀਤਾ ਗਿਆ ਸੀ | ਉਸ ਨੰੂ ਨੌਕਰੀ ਤੋਂ ਮੁਅੱਤਲ ਕਰਕੇ ਉਸ ਦਾ ਹੈੱਡ ਕੁਆਰਟਰ ਦਫਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਰੀਦਕੋਟ ਵਿਖੇ ਬਣਾਇਆ ਗਿਆ ਹੈ | ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਛੰਨੀ ਮੁਆਲਾ ਬਲਾਕ ਧਾਰ-2 ਜ਼ਿਲ੍ਹਾ ਪਠਾਨਕੋਟ ਦੇ ਈ. ਟੀ. ਟੀ. ਅਧਿਆਪਕ ਹਰਮੀਤ ਸਿੰਘ ਵੱਲੋਂ ਬੀ. ਪੀ. ਈ. ਓ.ਧਾਰ-2 ਨੰੂ ਗਾਲੀ ਗਲੋਚ, ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਦਫ਼ਤਰੀ ਰਿਕਾਰਡ ਨਾਲ ਛੇੜਛਾੜ ਕਰਨ ਕਰਕੇ ਉਸ ਦੀ ਬਦਲੀ ਲੋਕ ਹਿੱਤ ਨੰੂ ਧਿਆਨ 'ਚ ਰੱਖਦੇ ਹੋਏ ਪ੍ਰਬੰਧਕੀ ਆਧਾਰ 'ਤੇ ਸਰਕਾਰ ਪ੍ਰਾਇਮਰੀ ਸਕੂਲ ਝੋਲਾ ਆਮਦਾ ਸ਼ੰਕਰਗੜ੍ਹ ਬਲਾਕ ਨਰੋਟ ਜੈਮਲ ਸਿੰਘ ਜ਼ਿਲ੍ਹਾ ਪਠਾਨਕੋਟ ਵਿਖੇ ਖਾਲੀ ਅਸਾਮੀ 'ਤੇ ਕੀਤੀ ਗਈ ਹੈ |
ਅਧਿਆਪਕਾ ਸ਼ਮਾ 'ਤੇ ਹੋਏ ਹਮਲੇ ਦੀ ਨਿੰਦਿਆ
ਬੰਗਾ, 22 ਫਰਵਰੀ (ਨੂਰਪੁਰ, ਢਿੱਲੋਂ)- ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਜੱਟਾਂ ਵਿਖੇ ਪੜ੍ਹਾ ਰਹੀ ਅਧਿਆਪਕਾ ਸ਼ਮਾ 'ਤੇ ਹੋਏ ਕਾਤਲਾਨਾ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਈ. ਟੀ. ਟੀ. ਅਧਿਆਪਕ ਯੂਨੀਅਨ ਪੰਜਾਬ ਨੇ ਦੋਸ਼ੀ ਿਖ਼ਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਯੂਨੀਅਨ ਆਗੂਆਂ ਦਾ 21 ਮੈਂਬਰੀ ਵਫ਼ਦ ਅੱਜ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਵਿਰਕ ਦੀ ਅਗਵਾਈ 'ਚ ਸਿਵਲ ਹਸਪਤਾਲ ਬੰਗਾ ਵਿਖੇ ਮੈਡਮ ਸ਼ਮਾ ਨੂੰ ਵੇਖਣ ਗਿਆ | ਯੂਨੀਅਨ ਨੇ ਬੀ. ਡੀ. ਪੀ.ਓ. ਬੰਗਾ ਅਤੇ ਡੀ.ਐਸ.ਪੀ. ਬੰਗਾ ਨਾਲ ਮੁਲਾਕਾਤ ਕਰਕੇ ਦੋਸ਼ੀ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ | ਡੀ. ਐਸ. ਪੀ. ਭਗਵੰਤ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਪਿੰਡ ਪੰਚਾਇਤ ਨੇ ਇਕ ਮਤੇ ਰਾਹੀਂ ਦੋਸ਼ੀ ਨੂੰ ਪਾਗਲ ਕਰਾਰ ਦਿੱਤਾ ਹੈ | ਇਸ ਲਈ ਦੋਸ਼ੀ ਨੂੰ ਜਲਦ ਹੀ ਪਾਗਲਖ਼ਾਨੇ ਜ਼ੇਰੇ ਇਲਾਜ ਲਈ ਭੇਜਿਆ ਜਾਵੇਗਾ | ਵਫ਼ਦ ਵਿਚ ਯੂਨੀਅਨ ਆਗੂ ਧਰਿੰਦਰ ਬੱਧਣ, ਰਾਜ ਹੀਉਂ, ਦਵਿੰਦਰ ਸੱਲ੍ਹਣ, ਅਰੁਣ ਕੁਮਾਰ, ਰਮਨ ਕੁਮਾਰ, ਸੰਦੀਪ ਸ਼ਰਮਾ, ਰਜਿੰਦਰ ਮੀਲ, ਸੰਦੀਪ ਰਾਣਾ, ਸਤਨਾਮ ਮਜਾਰੀ, ਅਸ਼ਵਨੀ ਅਤੇ ਬਲਵਿੰਦਰ ਸਿੰਘ ਹਾਜ਼ਰ ਸਨ |





No comments:
Post a Comment
To get daily updates
To get daily updates Just write
follow b_edfrontjal
and send to
9248948837
from your Mobile .