Thursday, 17 May 2012

17 May news

‘ਪੜ੍ਹੋ ਪੰਜਾਬ’ ਦੇ 600 ਅਧਿਆਪਕਾਂ ਦਾ ਡੈਪੂਟੇਸ਼ਨ ਰੱਦ
Posted On May - 16 - 2012
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 16 ਮਈ
ਸਿੱਖਿਆ ਵਿਭਾਗ ਪੰਜਾਬ ਨੇ ‘ਪੜੋ੍ਹ ਪੰਜਾਬ’ ਸਕੀਮ ਲਈ ਤਾਇਨਾਤ ਕਰੀਬ 600 ਅਧਿਆਪਕਾਂ ਦਾ ਡੈਪੂਟੇਸ਼ਨ ਰੱਦ ਕਰਕੇ ਉਨ੍ਹਾਂ ਦੇ ਪਿੱਤਰੀ ਸਕੂਲਾਂ ਵਿੱਚ ਭੇਜ ਦਿੱਤਾ ਹੈ। ਇਸ ਤਰ੍ਹਾਂ ਐਸ.ਐਸ.ਏ. ਅਤੇ ਰਮਸਾ ਕੋਆਰਡੀਨੇਟਰਾਂ ਨੂੰ ਵੀ ਉਨ੍ਹਾਂ ਦੇ ਪਿੱਤਰੀ ਸਕੂਲਾਂ ਵਿੱਚ ਭੇਜਣ ਦਾ ਫੈਸਲਾ ਕੀਤਾ ਗਿਆ ਹੈ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਨੇ ਜਾਰੀ ਪੱਤਰ ਵਿੱਚ ਹਦਾਇਤ ਕੀਤੀ ਹੈ ਕਿ ਐਸ.ਐਸ.ਏ. ਅਤੇ ਰਮਸਾ ਦੇ ਕੋਆਰਡੀਨੇਟਰਾਂ ਦਾ ਚਾਰਜ ਹੁਣ ਉਪ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਦੇ ਦਿੱਤਾ ਜਾਵੇ, ਜੋ ਅਧਿਆਪਕ ਡੈਪੂਟੇਸ਼ਨ ‘ਤੇ ਪੜੋ੍ਹ ਪੰਜਾਬ ਵਿੱਚ ਤਾਇਨਾਤ ਸਨ, ਉਨ੍ਹਾਂ ਦੀ ਥਾਂ ‘ਤੇ ਪਹਿਲਾਂ ਹੀ ਸਕੂਲਾਂ ਵਿੱਚ ਕੰਮ ਕਰਦੇ ਸਿੱਖਿਆ ਪ੍ਰੋਵਾਈਡਰਾਂ ਅਤੇ ਵਾਲੰਟੀਅਰਾਂ ਨੂੰ ਫਿਲਹਾਲ ਮੌਜੂਦਾ ਸਕੂਲਾਂ ਵਿੱਚ ਹੀ ਕੰਮ ਕਰਨ ਲਈ ਆਖਿਆ ਹੈ।
ਡਾਇਰੈਕਟਰ ਜਨਰਲ ਨੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤ ਕੀਤੀ ਸੀ ਕਿ ਜ਼ਿਲਿ੍ਹਆਂ ਵਿੱਚ ਕੰਮ ਕਰਦੇ ਪੜ੍ਹੋ ਪੰਜਾਬ ਦੇ ਡੀ.ਆਰ.ਪੀ., ਸੀ.ਐਮ.ਟੀ., ਬੀ.ਐਮ.ਟੀ., ਈ.ਐਮ.ਟੀ., ਐਮ.ਐਮ.ਟੀ, ਪੜ੍ਹੋ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ, ਸਹਾਇਕ ਜ਼ਿਲ੍ਹਾ ਕੋਆਰਡੀਨੇਟਰ, ਈ.ਪੀ.ਡੀ.ਸੀ., ਡੀ.ਐਮ.ਸੀ. ਨੂੰ ਪਿੱਤਰੀ ਸਕੂਲਾਂ ਵਿੱਚ ਭੇਜਿਆ ਜਾਵੇ। ਜ਼ਿਲ੍ਹਾ ਸਿੱਖਿਆ ਅਫਸਰਾਂ ਨੇ ਇਨ੍ਹਾਂ ਹੁਕਮਾਂ ਨੂੰ ਅੱਜ ਅਮਲੀ ਰੂਪ ਦੇ ਦਿੱਤਾ। ਜ਼ਿਲ੍ਹਾ ਬਠਿੰਡਾ ਵਿੱਚ ਪੜ੍ਹੋ ਪੰਜਾਬ ਤਹਿਤ ਕਰੀਬ 75 ਅਧਿਆਪਕ ਤਾਇਨਾਤ ਸਨ, ਜਿਨ੍ਹਾਂ ਵਿੱਚੋਂ ਕਾਫੀ ਅਧਿਆਪਕ ਤਾਂ ਫਾਰਗ ਕਰ ਦਿੱਤੇ ਗਏ ਹਨ, ਜਦੋਂ ਕਿ ਬਾਕੀ ਪ੍ਰਕਿਰਿਆ ਅਧੀਨ ਹਨ। ਹਰ ਛੋਟੇ ਵੱਡੇ ਜ਼ਿਲ੍ਹੇ ਵਿੱਚ 75 ਤੋਂ 150 ਅਧਿਆਪਕ ਪੜ੍ਹੋ ਪੰਜਾਬ ਵਿੱਚ ਤਾਇਨਾਤ ਸਨ। ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਆਗੂਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਮੰਗ ਹੈ ਕਿ ਪੜ੍ਹੋ ਪੰਜਾਬ ਸਕੀਮ ਬੰਦ ਕਰਨ ਦੀ ਥਾਂ ਇਸ ਸਕੀਮ ਵਾਸਤੇ ਅਲਹਿਦਾ ਸਟਾਫ ਭਰਤੀ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਸਰਕਾਰ ਸਾਰਾ ਬੋਝ ਅਧਿਆਪਕਾਂ ‘ਤੇ ਹੀ ਪਾ ਕੇ ਕਈ ਕਈ ਸਕੀਮਾਂ ਚਲਾ ਰਹੀ ਹੈ, ਜੋ ਜਾਇਜ਼ ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪੜ੍ਹੋ ਪੰਜਾਬ ਲਈ ਵੱਖਰਾ ਰੈਗੂਲਰ ਸਟਾਫ ਭਰਤੀ ਕੀਤਾ ਜਾਵੇ।
ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਸੀ ਕਿ ਪੜੋ੍ਹ ਪੰਜਾਬ ਸਕੀਮ ਜਾਰੀ ਰਹੇਗੀ ਪਰ ਜੋ ਡੈਪੂਟੇਸ਼ਨ ‘ਤੇ ਵਾਧੂ ਸਟਾਫ਼ ਇਨ੍ਹਾਂ ਸਕੀਮਾਂ ਵਿੱਚ ਬੈਠਾ ਸੀ, ਉਸ ਨੂੰ ਫਾਰਗ ਕਰਕੇ ਪਿੱਤਰੀ ਸਕੂਲਾਂ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਉਨ੍ਹਾਂ ਪ੍ਰਤੀ ਮਹੀਨਾ 5 ਤੋਂ 6 ਕਰੋੜ ਰੁਪਏ ਬਚਾਏ ਹਨ।

No comments:

Post a Comment

To get daily updates
To get daily updates Just write
follow b_edfrontjal
and send to
9248948837
from your Mobile .